Wednesday, 29 May 2013

ਸ਼੍ਰੋਮਣੀ ਕਮੇਟੀ ਦੇ ਨਾਮ ਖੁੱਲਾ ਪੱਤਰ
ਪ੍ਰੋ. ਦਰਸ਼ਨ ਸਿੰਘ ਖ਼ਾਲਸਾ

ਪੰਥਕ ਫੈਸਲੇ ਦੇ ਨਾਮ ਹੇਠ ਕੋਈ ਭੀ ਲਿਖਤ ਮੇਰੇ ਸਾਹਮਣੇ ਆਈ, ਭਾਵੇਂ ਪੰਥ ਪਰਵਾਣਤ ਕਹੀ ਜਾਂਦੀ ਸਿੱਖ ਰਹਿਤ ਮਰੀਯਾਦਾ ਜਾਂ ਕੁਝ ਹੋਰ, ਮੈਂ ਹਮੇਸ਼ਾਂ ਸਨਮਾਨ ਦਿਤਾ ਹੈ। ਗੁਰਮਤਿ ਅਨੁਸਾਰ ਪੰਥਕ ਫੈਸਲਿਆਂ ਅਤੇ ਪੰਥਕ ਸਿੱਖ ਰਹਿਤ ਮਰਿਯਾਦਾ ਦਾ ਹੀ ਪ੍ਰਚਾਰਕ ਹਾਂ, ਵਿਰੋਧੀ ਬਿਲਕੁਲ ਨਹੀਂ। ਇਹ ਗੱਲ ਵੱਖਰੀ ਹੈ ਕਿ ਕਿਸੇ ਫੈਸਲੇ ਨੂੰ ਗੁਰਮਤਿ ਦੀ ਕਸਵੱਟੀ ‘ਤੇ ਪਰਖਿਆਂ, ਜੇ ਮੈਨੂੰ ਕੋਈ ਸ਼ੰਕਾ ਪੈਦਾ ਹੋਵੇ, ਤਾਂ ਮੈ ਪੰਥ ਦੇ ਸਾਹਮਣੇ ਸਵਾਲ ਰੂਪ ਵਿੱਚ ਅਪਣਾ ਸ਼ੰਕਾ ਰੱਖਾਂ, ਇਹ ਮੇਰਾ ਬਲਕਿ ਸਭ ਦਾ ਹੱਕ ਹੈ। ਕਿਉਂਕਿ ਮੈਂ ਇਹ ਭੀ ਨਹੀਂ ਚਾਹੁੰਦਾ ਕਿ ਪੰਥ ਨਾਮ ਹੇਠ ਕੋਈ ਗੁਰਮਤਿ ਵਿਰੋਧੀ ਗੱਲ ਪ੍ਰਚਾਰ ਵਿੱਚ ਆਵੇ ਜਾਂ ਪ੍ਰਚਾਰੀ ਜਾਂਦੀ ਰਹੇ, ਇਸ ਨਾਲ ਸਿੱਖੀ ਸਿਧਾਂਤ ਦਾ ਵੱਡਾ ਨੁਕਸਾਨ ਹੋਂਦਾ ਹੈ, ਅਤੇ ਸਮੇਂ ਬੀਤਣ ਬਾਅਦ ਕੌਮ ਗੁਰਮਤਿ ਵੀਚਾਰਧਾਰਾ ਤੋਂ ਗੁੰਮਰਾਹ ਹੋਂਦੀ ਹੈ।

ਅੱਜ ਜਦੋਂ ਮੇਰੇ ਮਨ ਵਿਚ ਕੁੱਝ ਪੰਥਕ ਫੈਸਲਿਆਂ ਸਬੰਧੀ ਉਠੇ ਕੁੱਝ ਸਵਾਲ, ਸ਼ੰਕਿਆਂ ਦੀ ਨਵਿਰਤੀ ਲਈ ਪੰਥ ਦੇ ਸਾਹਮਣੇ ਰੱਖਣ ਲੱਗਾ, ਤਾਂ ਮੇਰੇ ਸਾਹਮਣੇ ਇਕ ਹੋਰ ਨਵਾਂ ਸਵਾਲ ਖੜਾ ਹੋ ਗਿਆ ਕਿ ਤੂੰ ਕਿਸ ਪੰਥ ਨੂੰ ਮੁਖਾਤਬ ਕਰਕੇ ਇਹ ਸਵਾਲ ਕਰ ਰਿਹਾ ਹੈਂ? ਪਹਿਲੇ ਉਸ ਪੰਥ ਦੀ ਨਿਸ਼ਾਨਦੇਹੀ ਅਤੇ ਉਸ ਪੰਥ ਦੇ ਅਡਰੈਸ ਦਾ ਤਾਂ ਪਤਾ ਕਰ। ਅੱਜ ਤਾਂ ਸਿੱਖੀ ਦੇ ਵਿਹੜੇ ਵਿੱਚ ਬਕਾਲੇ ਦੀਆਂ ਬਾਈ ਮੰਜੀਆਂ ਵਾਂਗੂਂ ਵੱਖ ਵੱਖ ਪੰਥਾਂ ਦੀਆਂ ਲਾਈਨਾਂ ਲਗੀਆਂ ਹੋਈਆਂ ਨੇ, ਹਰ ਕੋਈ ਅਸਲ ਪੰਥ ਹੋਣ ਦਾ ਦਾਵੇਦਾਰ ਹੈ, ਕਿਤੇ ਇਹ ਤੇਰੇ ਸਵਾਲ ਬਹੁਤੇ ਪੰਥਾਂ ਵਿਚ ਰੁਲ ਨਾ ਜਾਣ। ਇਸ ਲਈ ਜਿਹੜਾ ਅਸਲ ਪੰਥ ਹੈ, ਤੇ ਅਪਣੇ ਆਪ ਨੂੰ ਪੰਥਕ ਫੈਸਲੇ ਕਰਨ ਦਾ ਅਧਿਕਾਰੀ ਸਮਝਦਾ ਹੈ, ਉਹ ਮੇਰੀ ਮਦਦ ਕਰੇ ਤੇ ਅਪਣਾ ਨਾਮ ਆਈ.ਡੀ. ਅਤੇ ਅਡਰੈਸ ਮੈਨੂੰ ਜ਼ਰੂਰ ਭੇਜੇ ਅਤੇ ਮੇਰੇ ਮਨ ਦੇ ਸ਼ੰਕੇ ਨਵਿਰਤ ਕਰੇ। ਇਹ ਪੱਤਰ ਮੈਂ ਪਹਿਲੇ ਭੀ ਲਿਖਿਆ ਸੀ, ਪਰ ਅੱਜ ਅੱਠ ਮਹੀਨੇ ਬੀਤ ਗਏ ਹਨ, ਮੈਨੂੰ ਪੰਥ ਵਲੋਂ ਕੋਈ ਜਵਾਬ ਨਹੀਂ ਆਇਆ, ਇਸ ਲਈ ਹੁਣ ਦੋਬਾਰਾ ਸਿੱਖ ਰਹਿਤ ਮਰਿਯਾਦਾ ਦੀ ਕਾਪੀ ਤੇ ਸ਼੍ਰੋਮਣੀ ਕਮੇਟੀ ਦੀ ਮੋਹਰ ਹੋਣ ਕਰਕੇ, ਇਹ ਪੱਤਰ ਸਿਧਾ ਸ੍ਰੋਮਣੀ ਕਮੇਟੀ ਨੂੰ ਮੁਖਾਤਬ ਕਰਕੇ ਲਿਖ ਰਿਹਾ ਹਾਂ ਅਤੇ ਆਸ ਰੱਖਦਾ ਹਾਂ, ਬੜੀ ਸਿਆਣਪ ਅਤੇ ਜੁੰਮੇਵਾਰੀ ਨਾਲ, ਗੁਰੂ ਘਰ ਦਾ ਛੇ ਅਰਬ ਤੋਂ ਵੱਧ ਸਰਮਾਏ ਦਾ ਬਜਟ ਸੰਭਾਲਣ ਅਤੇ ਖਰਚ ਕਰਨ ਵਾਲੀ ਇਹ ਪੰਥ ਦੀ ਸਿਰਮੌਰ ਸੰਸਥਾ, ਸਿੱਖੀ ਵਿੱਚ ਉਠੇ ਇਨ੍ਹਾਂ ਕੁਛ ਸਵਾਲਾਂ ਦਾ ਜਵਾਬ ਭੀ ਬੜੀ ਜੁੰਮੇਵਾਰੀ ਨਾਲ ਜ਼ਰੂਰ ਹੀ ਦੇਵੇਗੀ।

ਉਦਾਹਰਣ ਵਜੋਂ ਜਿਵੇਂ ਸਿੱਖ ਰਹਿਤ ਮਰਿਯਾਦਾ ਵਿੱਚ ਸਿੱਖ ਲਈ ਹੇਠ ਲਿਖੇ ਫੈਸਲੇ ਸਪਸ਼ਟ ਹਨ।

{ੳ}  ਇਕ ਅਕਾਲ ਪੁਰਖ ਤੋਂ ਛੁਟ ਕਿਸੇ ਦੇਵੀ ਦੇਵਤੇ ਦੀ ਉਪਾਸ਼ਨਾ ਨਹੀਂ ਕਰਨੀ


ਫੈਸਲਾ ਬਹੁਤ ਚੰਗਾ ਹੈ ਅਤੇ ਗੁਰਬਾਣੀ ਦੀ ਕਸਵੱਟੀ ‘ਤੇ ਪੂਰਾ ਉਤਰਦਾ ਹੈ।

ਮਾਇਆ ਮੋਹੇ ਦੇਵੀ ਸਭਿ ਦੇਵਾ ॥ ਕਾਲੁ ਨ ਛੋਡੈ ਬਿਨੁ ਗੁਰ ਕੀ ਸੇਵਾ ॥ ਓਹੁ ਅਬਿਨਾਸੀ ਅਲਖ ਅਭੇਵਾ ॥2॥ {ਗੁਰਬਾਣੀ}

ਭਰਮੇ ਸੁਰਿ ਨਰ ਦੇਵੀ ਦੇਵਾ ॥ ਭਰਮੇ ਸਿਧ ਸਾਧਿਕ ਬ੍ਰਹਮੇਵਾ ॥ ਭਰਮਿ ਭਰਮਿ ਮਾਨੁਖ ਡਹਕਾਏ ॥ ਦੁਤਰ ਮਹਾ ਬਿਖਮ ਇਹ ਮਾਏ ॥ {ਗੁਰਬਾਣੀ}

ਦੇਵੀ ਦੇਵਾ ਪੂਜਹਿ ਡੋਲਹਿ ਪਾਰਬ੍ਰਹਮੁ ਨਹੀ ਜਾਨਾ ॥ ਕਹਤ ਕਬੀਰ ਅਕੁਲੁ ਨਹੀ ਚੇਤਿਆ ਬਿਖਿਆ ਸਿਉ ਲਪਟਾਨਾ ॥4॥ {ਗੁਰਬਾਣੀ}

ਦੇਵੀ ਦੇਵਾ ਪੂਜੀਐ ਭਾਈ ਕਿਆ ਮਾਗਉ ਕਿਆ ਦੇਹਿ ॥ ਪਾਹਣੁ ਨੀਰਿ ਪਖਾਲੀਐ ਭਾਈ ਜਲ ਮਹਿ ਬੂਡਹਿ ਤੇਹਿ ॥6॥ {ਗੁਰਬਾਣੀ}

ਪਰ ਉਸੇ ਹੀ ਸਿੱਖ ਰਹਿਤ ਮਰਿਯਾਦਾ ਵਿੱਚ ਜਿਥੇ ਪੰਥਕ ਫੈਸਲੇ ਦੇ ਨਾਮ ਹੇਠ ਅਰਦਾਸ ਲਿਖੀ ਗਈ ਹੈ, ਉਸ ਦੇ ਅਰੰਭ ਵਿਚ ਲਿਖੀ ਗਈ ਪੳੜੀ,

ਸ੍ਰੀ ਭਗੌਤੀ ਜੀ ਸਹਾਇ। ਵਾਰ ਸ੍ਰੀ ਭਗੌਤੀ ਜੀ ਕੀ ਪਾਤਸ਼ਾਹੀ 10
ਪ੍ਰਿਥਮ ਭਗੌਤੀ ਸਿਮਰਿ ਕੈ ਗੁਰ ਨਾਨਕ ਲਈਂ ਧਿਆਇ।
ਮੈ ਤਾਂ ਸਮਝਦਾ ਸਾਂ ਏਥੇ ਗੁਰਬਾਣੀ ਵਿਚ ਆਏ ਭਗਉਤੀ ਲਫਜ਼ ਨੂੰ ਮੰਨਿਆਂ ਗਿਆ ਹੈ, ਪਰ ਜਦੋਂ ਮੈਂ ਇਸ ਪਉੜੀ ਦੇ ਅਸਲ ਟਿਕਾਣੇ ‘ਤੇ ਪੁੱਜਦਾ ਹਾਂ ਤਾਂ ਹੈਰਾਨੀ ਹੋਂਦੀ ਹੈ, ਕਿ ਬਚਿੱਤਰ ਨਾਟਕ ਵਿੱਚ ਇਸ ਪਉੜੀ ਦਾ ਹੈਡਿੰਗ ਅਤੇ ਅਰੰਭ ਇਸ ਪ੍ਰਕਾਰ ਹੈ।
ਵਾਰ ਦੁਰਗਾ ਕੀ
ੴ ਸਤਿਗੁਰ ਪ੍ਰਸਾਦਿ
ਸ੍ਰੀ ਭਗਉਤੀ ਜੀ ਸਹਾਇ
ਅਬ ਵਾਰ ਦੁਰਗਾ ਕੀ ਲਿਖਯਤੇ
ਪਾਤਸ਼ਾਹੀ 10
ਮੈ ਅਪਣੇ ਮਨ ਵਿਚ ਪੈਦਾ ਹੋਏ ਸ਼ੰਕੇ ਪੰਥਕ ਫੈਸਲੇ ਕਰਨ ਦੇ ਅਧਿਕਾਰੀ ਪੰਥ ਦੇ ਸਾਹਮਣੇ ਰੱਖਣਾ ਚਾਹੁੰਦਾ ਹਾਂ।
ਕੀ ਗੁਰੂ ਗੋਬਿੰਦ ਸਿੰਘ ਜੀ ਦੇਵੀ ਦੁਰਗਾ {ਭਗੌਤੀ} ਦੇ ਉਪਾਸ਼ਕ ਸਨ? ਜਿਸ ਨੂੰ ਗੁਰ ਨਾਨਕ ਤੋਂ ਭੀ ਪਹਿਲੇ ਸਿਮਰਦੇ ਹਨ। ਜੇ ਗੁਰੂ ਜੀ ਦੁਰਗਾ ਦੇ ੳਪਾਸ਼ਕ ਸਨ, ਤਾਂ ਪੰਥ ਨੇ ਸਿੱਖ ਰਹਿਤ ਮਰਿਯਾਦਾ ਵਿਚ ਇਹ ਕਿਉਂ ਲਿਖਿਆ ਕਿ ਸਿੱਖ ਨੇ ਕਿਸੇ ਦੇਵੀ ਦੇਵਤੇ ਦੀ ੳਪਾਸ਼ਨਾ ਨਹੀਂ ਕਰਨੀ, ਜੇ ਫਿਰ ਭੀ ਇਸ ਪਉੜੀ ਨੂੰ ਅਰਦਾਸ ਦਾ ਅੰਗ ਰੱਖਣਾ ਹੈ, ਤਾਂ ਮੇਰਾ ਸ਼ੰਕਾ ਨਵਿਰਤ ਕਰੋ ਤੇ ਮੈਨੂੰ ਸਮਝਾਓ, ਇਹ ਪਉੜੀ ਕਿਥੋਂ ਆਈ ਹੈ, ਅਤੇ ਇਸ ਦਾ ਪਿਛੋਕੜ ਕੀ ਹੈ ਮੈ ਪੰਥ ਦਾ ਧੰਨਵਾਦੀ ਹੋਵਾਂਗਾ।

ਅੱਜ ਦੇ ਸ਼੍ਰੋਮਣੀ ਕਮੇਟੀ ਦੇ ਭਾਈਵਾਲ ਸੰਤ ਸਮਾਜ, ਬਹੁਤੇ ਡੇਰੇਦਾਰ ਅਤੇ ਉਨ੍ਹਾਂ ਦੇ ਸ਼ਰਧਾਲੂ ਟਕਸਾਲ ਅਤੇ ਨਾਨਕਸਰ ਵਾਲੇ ਭੀ ਅਪਣੀ ਰਹਿਰਾਸ ਵਿਚ ਦੇਵੀ ਦੁਰਗਾ {ਭਗਉਤੀ} ਦੀ ਉਪਾਸ਼ਨਾ ਕਰ ਰਹੇ ਦਿਸਦੇ ਹਨ ਜਦੋਂ ਪ੍ਹੜਦੇ ਹਨ।

ਪ੍ਰਥਮ ਧਰਉਂ ਭਗਵਤ ਕੋ ਧਿਆਨਾ। ਬਹੁਰ ਕਰਉਂ ਕਵਿਤਾ ਬਿਧ ਨਾਨਾ।

ਇਸਦਾ ਭਾਵ ਹੈ ਕਿ - ਮੈਂ ਪਹਿਲੇ ਭਗਵਤੀ ਦੇਵੀ ਦੁਰਗਾ ਦਾ ਧਿਆਨ ਧਰਦਾ ਹਾਂ, ਫਿਰ ਹੀ ਕੋਈ ਕਾਵ ਰਚਨਾ ਉਚਾਰਦਾ ਹਾਂ।

ਦੋਹਿਰਾ –ਨੇਤਰ ਤੁੰਗ ਕੇ ਚਰਨ ਤਰ ਸੁਤੱਦਰਵ ਤੀਰ ਤਰੰਗ। ਸ੍ਰੀ ਭਗਵਤ ਪੂਰਨ ਕੀਓ ਰਘੁਵਰ ਕਥਾ ਪਰਸੰਗ।
ਸਤਲੁਝ ਦੇ ਕੰਢੇ ਰਾਮ ਕਥਾ ਦਾ ਗ੍ਰੰਥ ਸ੍ਰੀ ਭਗਵਤੀ ਦੁਰਗਾ ਦੇਵੀ ਜੀ ਨੇ ਸੰਪੂਰਨ ਕੀਤਾ ਹੈ।

ਦੋਹਿਰਾ - ਸਾਧ ਅਸਾਧ ਜਾਨਿਓ ਨਹੀ ਬਾਦ ਸੁਬਾਦ ਬੇਬਾਦ।ਗ੍ਰੰਥ ਸਗਲ ਪੂਰਨ ਕੀਓ ਸ੍ਰੀ ਭਗਵਤ ਕਿਰਪਾ ਪ੍ਰਸਾਦ।

ਚੰਗੇ ਮੰਦੇ ਦੀ ਪਛਾਣ ਛੱਡ ਕੇ, ਕਿਸੇ ਬਾਦ ਸੁਬਾਦ ਬਿਬਾਦ ਦੀ ਪ੍ਰਵਾਹ ਨਾ ਕਰਦਿਆਂ ਸ੍ਰੀ ਭਗਵਤੀ ਦੀ ਕਿਰਪਾ ਨਾਲ ਇਹ ਗ੍ਰੰਥ ਸੰਪੂਰਨ ਕਰ ਲਿਆ।

ਅਗਲੇ ਸਵਾਲ - ਸਿੱਖ ਰਹਿਤ ਮਰਿਯਾਦਾ ਵਿਚ ਹੇਠ ਲਿਖੇ ਫੈਸਲੇ ਭੀ ਹਨ।

{ਸ}  ਧੂਪ ਜਾਂ ਦੀਵੇ ਮਚਾ ਕੇ ਆਰਤੀ ਕਰਣੀ, ਭੋਗ ਲਾਉਣਾ, ਜੋਤਾਂ ਜਗਾਣੀਆਂ, ਟੱਲ ਖੜਕਾਉਣੇ, ਆਦਿ ਕਰਮ ਗੁਰਮਤਿ ਅਨਸਾਰ ਨਹੀਂ।

ਮੂਲ ਮੰਤਰ - ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ 

ਜੇ ਪੰਥਕ ਫੈਸਲੇ ਮੁਤਾਬਕ ਸਿੱਖ ਰਹਿਤ ਮਰਿਯਾਦਾ ਵਿੱਚ ਇਹ ਲਿਖਿਆ ਹੈ, ਕਿ ਸਿੱਖ ਨੇ ਉਪਰ ਲਿਖੇ ਕਰਮ ਕਾਂਡੀ ਕੰਮ ਨਹੀਂ ਕਰਨੇ ਅਤੇ ਮੂਲ ਮੰਤਰ ੴ ਤੋਂ ਗੁਰ ਪ੍ਰਸਾਦਿ ਤੱਕ ਹੀ ਪੜ੍ਹਨਾ ਹੈ, ਬਿਲਕੁਲ ਠੀਕ ਫੈਸਲਾ ਹੈ ।

ਤਾਂ ਫਿਰ ਅੱਜ ਦੇ ਸ਼੍ਰੋਮਣੀ ਕਮੇਟੀ ਦੇ ਭਾਈਵਾਲ ਸੰਤ ਸਮਾਜ, ਬਹੁਤੇ ਡੇਰੇਦਾਰ ਅਤੇ ਉਹਨਾ ਦੇ ਸ਼ਰਧਾਲੂ ਟਕਸਾਲ ਅਤੇ ਨਾਨਕਸਰ ਵਾਲੇ ਭੀ ਅਪਣੀ ਰਹਿਰਾਸ ਵਿਚ ਦੇਵੀ ਦੁਰਗਾ{ਭਗਉਤੀ} ਦੀ ਉਪਾਸ਼ਨਾ ਕਰ ਰਹੇ ਦਿਸਦੇ ਹਨ, ਕਿਤੇ ਜੋਤਾਂ ਜਗਾ ਕੇ ਅਗਨੀ ਦੀ ਪੂਜਾ ਕੀਤੀ ਜਾ ਰਹੀ ਹੈ ਹੁਣ ਤਾਂ ਤਖਤਾਂ ‘ਤੇ ਭੀ ਪੰਥਕ ਫੈਸਲੇ ਦੇ ਉਲਟ ਦੀਵਿਆਂ ਵਾਲੀ ਆਰਤੀ, ਭੰਗ ਦਾ ਭੋਗ ਲਵਾਕੇ ਸ਼ਿਵ ਜੀ ਦੀ ਪ੍ਰਤੀਕ ਭੰਗ ਦਾ ਪ੍ਰਸ਼ਾਦ ਵੰਡਣਾ, ਜਾਨਵਰਾਂ ਦੀ ਬਲੀ ਦੇਣੀ, ਹੁਣ ਤਾਂ ਹਜੂਰ ਸਾਹਿਬ ਭਿਆਣਕ ਰੂਪ ਵਾਲੇ ਹਿੰਦੂ ਦੇਵਤੇ ਮਾਹਕਾਲ ਦੇ ਨਾਮ ਦਾ ਗੁਰਦੁਆਰਾ ਭੀ ਬਣਾ ਦਿਤਾ ਗਿਆ ਹੈ, ਅਤੇ ਇਹ ਲੋਕ ਗੁਰਬਾਣੀ ਅਤੇ ਸਿੱਖ ਰਹਿਤ ਮਰਿਯਾਦਾ ਦੇ ਉਲਟ ਮੂਲ ਮੰਤਰ – “ਨਾਨਕ ਹੋਸੀ ਭੀ ਸੱਚ” ਤੱਕ ਪੜ੍ਹਦੇ ਨੇ, ਤਾਂ ਫਿਰ ਸਿੱਖ ਰਹਿਤ ਮਰਿਯਾਦਾ ਦੇ ਫੈਸਲੇ ਮੁਤਾਬਕ ਪੰਥ ਵਲੋਂ ਇਨ੍ਹਾਂ ਨੂੰ ਸਿੱਖ ਕਿਵੇਂ ਮੰਨਿਆਂ ਜਾ ਰਿਹਾ ਹੈ?

ਜਦੋਂ ਕੇ ਗੁਰੂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਪਸ਼ਟ ਕੀਤਾ ਗਿਆ ਹੈ ਕਿ ਮੈਂ ਕਿਸੇ ਦੇਵੀ ਦੇਵਤੇ ਦੇ ਹੁਕਮ ਵਿੱਚ ਨਹੀਂ, ਜੋ ਕੁਝ ਬੋਲਦਾ ਹਾਂ ਇਕ ਅਕਾਲ ਪੁਰਕ ਦੇ ਹੁਕਮ ਵਿਚ ਬੋਲਾਇਆ ਬੋਲਦਾ ਹਾਂ ਇਸੇ ਲਈ ਮੈਨੂੰ ਬਾਣੀ ਨਿਰੰਕਾਰ ਜਾਪਦੀ ਹੈ।

ਏਕੋ ਕਰਤਾ ਆਪੇ ਆਪ ॥ ਹਰਿ ਕੇ ਭਗਤ ਜਾਣਹਿ ਪਰਤਾਪ ॥ ਨਾਵੈ ਕੀ ਪੈਜ ਰਖਦਾ ਆਇਆ ॥ ਨਾਨਕੁ ਬੋਲੈ ਤਿਸ ਕਾ ਬੋਲਾਇਆ ॥4॥

ਤਿਲੰਗ ਮਹਲਾ 1 ॥ ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ ॥

ਧੁਰ ਕੀ ਬਾਣੀ ਆਈ ॥ ਤਿਨਿ ਸਗਲੀ ਚਿੰਤ ਮਿਟਾਈ ॥

ਸਲੋਕੁ ਮਃ 3 ॥ ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਨ ਕੋਇ ॥
ਜਹ ਅਬਿਗਤੁ ਭਗਤੁ ਤਹ ਆਪਿ ॥ ਜਹ ਪਸਰੈ ਪਾਸਾਰੁ ਸੰਤ ਪਰਤਾਪਿ ॥ ਦੁਹੂ ਪਾਖ ਕਾ ਆਪਹਿ ਧਨੀ ॥ ਉਨ ਕੀ ਸੋਭਾ ਉਨਹੂ ਬਨੀ ॥ ਆਪਹਿ ਕਉਤਕ ਕਰੈ ਅਨਦ ਚੋਜ ॥ ਆਪਹਿ ਰਸ ਭੋਗਨ ਨਿਰਜੋਗ ॥ ਜਿਸੁ ਭਾਵੈ ਤਿਸੁ ਆਪਨ ਨਾਇ ਲਾਵੈ ॥ ਜਿਸੁ ਭਾਵੈ ਤਿਸੁ ਖੇਲ ਖਿਲਾਵੈ ॥ ਬੇਸੁਮਾਰ ਅਥਾਹ ਅਗਨਤ ਅਤੋਲੈ ॥ ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੈ ॥8॥

ਹਉ ਆਪਹੁ ਬੋਲਿ ਨ ਜਾਣਦਾ ਮੈ ਕਹਿਆ ਸਭੁ ਹੁਕਮਾਉ ਜੀਉ ॥

ਆਸ ਹੈ ਕਿ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਮੇਰੇ ਇਹ ਸ਼ੰਕੇ ਨਵਿਰਤ ਕਰਣ ਦੀ ਕ੍ਰਿਪਾਲਤਾ ਕਰਨਗੇ, ਫਿਰ ਕੁਝ ਹੋਰ ਬੇਨਤੀਆਂ ਕਰਾਂਗਾ ਜੀ।

No comments:

Post a Comment