Monday, 11 July 2011

Panthik Agenda

ਗੁਰੂ ਗ੍ਰੰਥ ਦਾ ਖ਼ਾਲਸਾ ਪੰਥ
ਵਿਸ਼ਵ ਚੇਤਨਾ ਲਹਿਰ

ਗੁਰੂ ਸਵਾਰੇ ਵੀਰ ਜੀ / ਭੈਣ ਜੀ
ਵਾਹਿਗੁਰੂ ਜੀ ਕਾ ਖ਼ਾਲਸਾ ॥ ਵਾਹਿਗੁਰੂ ਜੀ ਕੀ ਫ਼ਤਹਿ ॥

ਵੱਡੇ ਘੱਲੂਘਾਰੇ ਦੀ ਸ਼ਾਮ ਸਿੰਘਾਂ ਨੇ ਵੱਡਾ ਜਾਨੀ ਨੁਕਸਾਨ ਹੋਣ ਉਪਰੰਤ ਅਰਦਾਸ ਰੂਪ ਵਿੱਚ ਜੋਦੜੀ ਕੀਤੀ ਸੀ ਕਿ :
ਪੰਥ ਜੋ ਰਹਾ ਤੋ ਤੇਰਾ ਗ੍ਰੰਥ ਭੀ ਰਹੇਗਾ ਨਾਥ,
ਪੰਥ ਨਾ ਰਹਾ ਤੋ ਤੇਰਾ ਗ੍ਰੰਥ ਕੌਣ ਮਾਨੈਗੋ। (ਰਤਨ ਸਿੰਘ ਭੰਗੂ, ਪੰਥ ਪ੍ਰਕਾਸ਼)

ਉਹਨਾਂ ਦੀ ਅਰਦਾਸ ਦੀ ਭਾਵਨਾ ਨੂੰ ਜੇ ਰਤਾ ਗਹੁ ਨਾਲ ਸਮਝੀਏ ਤਾਂ ਸਪੱਸ਼ਟ ਹੁੰਦਾ ਹੈ ਕਿ ਦਰਅਸਲ ਗੁਰੂ ਗ੍ਰੰਥ ਅਤੇ ਗੁਰੂ ਪੰਥ ਦੋਵੇਂ ਇਉਂ ਅੰਤਰ-ਸਬੰਧਤ ਹਨ ਕਿ ਦੋਹਾਂ ਦੀ ਹੋਂਦ ਇੱਕ ਦੂਜੇ ਲਈ ਲਾਜ਼ਮੀ ਹੈ। ਦੋਹਾਂ ਦੀ ਹੋਂਦ ਨੂੰ ਮਲੀਆਮੇਟ ਕਰਨ ਦੀ ਕੁਚੇਸ਼ਟਾ ਚਿਰੋਕਣੀ ਹੈ ਅਤੇ ਵੱਖ-ਵੱਖ ਸਮੇਂ ਅਨੇਕਾਂ ਬੁਰਕੇ ਪਾ ਕੇ ਇਤਿਹਾਸ ਦੇ ਪਟ 'ਤੇ ਪ੍ਰਗਟ ਹੁੰਦੀ ਆਈ ਹੈ। ੧੫ ਅਗਸਤ ੧੯੪੭ ਤੋਂ ਬਾਅਦ ਅਜਿਹੇ ਮਨਸੂਬਿਆਂ ਵਿੱਚ ਆਈ ਪ੍ਰਚੰਡਤਾ ਅਜੋਕੇ ਦੌਰ ਵਿੱਚ ਸਿਖ਼ਰਾਂ ਛੋਹ ਰਹੀ ਹੈ। ਗੁਰੂ ਗ੍ਰੰਥ ਸਾਹਿਬ ਮਨੁੱਖਤਾ ਦੀ ਧਰੋਹਰ ਅਤੇ "ਜਗਤ ਜਲੰਦਾ" ਦਾ ਅੰਤਮ ਧਰਵਾਸ ਹਨ। ਇਹਨਾਂ ਦੀ ਅਗਵਾਈ ਵਿੱਚ ਸਰਬੱਤ ਦੇ ਭਲ਼ੇ ਵਾਲਾ ਨਿਜ਼ਾਮ ਅਤੇ ਸਮਾਜ ਘੜਨ ਲਈ ਤਤਪਰ ਅਤੇ ਯਤਨਸ਼ੀਲ ਰਹਿਣਾ ਏਸ ਦੇ ਅਨੁਯਾਈ ਗੁਰੂ ਖ਼ਾਲਸਾ ਪੰਥ, ਜੋ ਸੰਸਾਰ ਉੱਤੇ "ਗੁਸਾਈਂ ਦਾ ਪਹਿਲਵਾਨੜਾ" ਹੈ, ਦਾ ਪਰਮੋ-ਧਰਮ ਹੈ। ਹੋਰਨਾਂ ਨੂੰ ਨੀਵਾਂ ਦਿਖਾ ਕੇ, ਗ਼ੁਲਾਮ ਬਣਾ ਕੇ, ਸ਼ੋਸ਼ਣ ਦੀ ਰੁਚੀ ਤਹਿਤ ਵੰਡੀਆਂ-ਵਿਤਕਰਿਆਂ ਦੇ ਸਹਾਰੇ ਰਾਜ ਕਰਨ ਵਾਲਿਆਂ ਨੂੰ ਅਜਿਹੇ ਸ਼ੁਭ ਕਰਮ ਫੁੱਟੀ ਅੱਖ ਨਹੀਂ ਭਾਉਂਦੇ। ਏਸ ਲਈ ਗੁਰੂ ਖ਼ਾਲਸਾ ਪੰਥ ਦੇ ਕਤਲੇਆਮ ਦੇ ਅਨੇਕਾਂ ਦੌਰਾਂ ਉਪਰੰਤ ਇਹਨਾਂ ਸ਼ਕਤੀਆਂ ਨੇ ਗੁਰੂ ਗ੍ਰੰਥ ਵਿਰੁੱਧ ਅਣ-ਐਲਾਨਿਆ ਮਾਰੂ ਹਮਲਾ ਵਿੱਢਿਆ ਹੋਇਆ ਹੈ ਤਾਂ ਜੋ ਸਿੱਖੀ ਨੂੰ ਜੜ੍ਹੋਂ ਉਖੇੜਿਆ ਜਾ ਸਕੇ। ਗੁਰੂ ਗ੍ਰੰਥ ਸਾਹਿਬ ਨੂੰ ਸਹਿਜੇ-ਸਹਿਜੇ, ਚੁਪ-ਚੁਪੀਤੇ ਸਿੱਖੀ-ਜੀਵਨ 'ਚੋਂ ਮਨਫ਼ੀ ਕੀਤੇ ਜਾਣ ਦਾ ਪੁਖ਼ਤਾ ਬੰਦੋਬਸਤ ਕੀਤਾ ਗਿਆ ਹੈ ਤਾਂ ਜੁ ਬਿਨਾਂ ਕਿਸੇ ਪ੍ਰਤੱਖ ਹਮਲੇ ਜਾਂ ਜ਼ਬਰੀ ਧਰਮ-ਪਰਿਵਰਤਨ ਦੇ ਗੁਰੂ ਖ਼ਾਲਸਾ ਪੰਥ ਆਪਣੇ-ਆਪ ਕਾਲਕਾ ਪੰਥ ਵਿੱਚ ਤਬਦੀਲ ਹੋ ਜਾਵੇ ਅਤੇ ਕੰਨੋ-ਕੰਨ ਖ਼ਬਰ ਵੀ ਨਾ ਹੋਵੇ। ਇਉਂ ਕਾਲਕਾ ਪੰਥ ਦੇ ਸਦੀਆਂ ਤੋਂ ਚਿਤਵੇ ਮਨਸੂਬੇ ਨੂੰ ਬੂਰ ਪਵੇਗਾ ਅਤੇ ਗੁਰੂ ਸਾਹਿਬਾਨ ਦੀ ਸਦੀਆਂ ਦੀ ਘਾਲਣਾ ਨੂੰ ਮਿੱਟੀ ਵਿੱਚ ਮਿਲਾ ਦਿੱਤਾ ਜਾਵੇਗਾ - ਨਾ ਰਹੇਗਾ ਬਾਂਸ ਨਾ ਵੱਜੇਗੀ ਬਾਂਸੁਰੀ।

੧੯੯੬ ਦੀ ਮੋਗਾ ਕੌਨਫ਼ਰੰਸ, ਜਿੱਥੇ ਸਿੱਖ ਭਾਵਨਾਵਾਂ ਦੀ ਤਰਜਮਾਨੀ ਕਰਦੀ ਵਾਹਦ ਸਿਆਸੀ ਜਮਾਤ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਐਲਾਨ ਕੇ ਕਾਲਕਾ ਪੰਥ ਨੂੰ ਗੁਰੂ-ਦਕਸ਼ਣਾ ਦੇ ਰੂਪ ਵਿੱਚ ਸਿੱਖੀ ਨੂੰ ਤਿਲਾਂਜਲੀ ਦਿੱਤੀ ਗਈ ਸੀ, ਉਪਰੰਤ ਗੁਰੂ ਖ਼ਾਲਸਾ ਪੰਥ ਦੇ ਨੁਮਾਇੰਦੇ ਦੇ ਭੇਖ ਵਿੱਚ ਸੱਤਾ ਹਥਿਆਉਣ ਅਤੇ ਹੰਢਾਉਣ ਵਾਲੇ ਅਨਸਰ ਨੇ ਉਪਰੋਕਤ ਮਨਸੂਬੇ ਨੂੰ ਅੰਜਾਮ ਦੇਣ ਦਾ ਵਾਅਦਾ ਦੇ ਕੇ ਸੱਤਾ ਪ੍ਰਾਪਤ ਕੀਤੀ ਸੀ ਜਿਸ ਨੂੰ ਪੁਗਾਉਣ ਲਈ ਉਹਨਾਂ ਵੱਲੋਂ ਸਿਰਤੋੜ ਯਤਨ ਜਾਰੀ ਹਨ। ਏਸ ਲਈ ਉਹਨਾਂ ਦੇ ਹੱਥ 'ਬਚਿੱਤਰ ਨਾਟਕ ਗ੍ਰੰਥ' (ਮੌਜੂਦਾ ਨਾਮ 'ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ') ਦਾ ਬ੍ਰਹਮਅਸਤਰ ਦਿੱਤਾ ਗਿਆ ਹੈ ਜੋ ਕਿ ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ "ਅਸ਼ਲੀਲ, ਸਖ਼ਤ ਅਸ਼ਲੀਲ ਅਤੇ ਨਗਨ" ਰਚਨਾਵਾਂ ਦਾ ਸੰਗ੍ਰਹਿ ਹੈ। ਗੁਰੂ ਖ਼ਾਲਸਾ ਪੰਥ ਦੇ ਕੇਂਦਰਾਂ ਦਾ ਮੁਕੰਮਲ ਕੰਟਰੋਲ ਵੀ ਉਹਨਾਂ ਨੂੰ ਸੌਂਪਿਆ ਗਿਆ ਹੈ।

ਏਸ ਵਿਆਪਕ ਯੋਜਨਾ ਦੇ ਤਹਿਤ ਕੁਫ਼ਰ ਦਾ ਕਾਅਬੇ ਤੋਂ ਉੱਠਣ ਦਾ ਇੰਤਜ਼ਾਮ ਕੀਤਾ ਗਿਆ ਹੈ। ਸਾਕਤੀ, ਗੁਰਮਤਿ-ਵਿਹੂਣੇ, 'ਦਸਮ ਗ੍ਰੰਥ' ਦੇ ਉਪਾਸ਼ਕ ਅਤੇ ਲੋਭੀ ਬਿਰਤੀ ਵਾਲੇ ਲੋਕਾਂ ਨੂੰ ਗੁਰੂ ਖ਼ਾਲਸਾ ਪੰਥ ਦੇ ਕੇਂਦਰਾਂ ਦੇ ਪ੍ਰਬੰਧਕਾਂ, ਗ੍ਰੰਥੀਆਂ ਅਤੇ ਜ਼ਿੰਮੇਵਾਰ ਅਹੁਦੇਦਾਰਾਂ ਵਜੋਂ ਸਥਾਪਤ ਕੀਤਾ ਗਿਆ ਹੈ। ਉਹਨਾਂ ਰਾਹੀਂ ਡੇਰੇਦਾਰੀ ਮੂਰਤੀ ਪੂਜਾ ਅਤੇ ਫ਼ੋਕਟ ਕਰਮ-ਕਾਂਡਾਂ ਨੂੰ ਸਿੱਖਾਂ ਦਰਮਿਆਨ ਸਿੱਖ-ਜੀਵਨ-ਜਾਚ ਵਜੋਂ ਪ੍ਰਚੱਲਤ ਕੀਤਾ ਜਾ ਰਿਹਾ ਹੈ ਅਤੇ 'ਦਸਮ ਗ੍ਰੰਥ' ਨੂੰ ਗੁਰੂ ਗ੍ਰੰਥ ਦੇ ਬਰਾਬਰ ਪ੍ਰਕਾਸ਼ ਕਰ ਕੇ ਏਸ ਦੇ ਸ਼ਰੀਕ ਵਜੋਂ ਸਿੱਖ ਮਾਨਸਿਕਤਾ ਅੰਦਰ ਇਸ ਦੀ ਥਾਂ ਬਣਾਈ ਜਾ ਰਹੀ ਹੈ। ਸਮਾਂ ਆਉਣ 'ਤੇ ਏਸ ਨੂੰ ਗੁਰੂ ਦੀ ਥਾਂਵੇਂ ਸਥਾਪਤ ਕੀਤਾ ਜਾਣਾ ਹੈ। ਇਹ ਸਾਰੇ ਹੱਥਕੰਡੇ ਸਿੱਖੀ-ਸਿਧਾਂਤ, ਸਰੂਪ ਅਤੇ ਸਿੱਖ ਹੋਂਦ ਦੀ ਮੌਲਿਕਤਾ ਲਈ ਵੱਡਾ ਖ਼ਤਰਾ ਬਣਦੇ ਜਾ ਰਹੇ ਹਨ। ਇਹਨਾਂ ਦੀ ਹੀ ਸਫ਼ਲਤਾ ਲਈ ਪੱਬਾਂ ਭਾਰ ਹੋ ਕੇ ਜੂਝ ਰਹੇ ਹਨ ਤਖ਼ਤਾਂ ਦੇ 'ਜਥੇਦਾਰ'।

ਗੁਰੂ ਰਹਿਮਤ ਸਦਕਾ ਕੁਝ ਸੁਚੇਤ ਵੀਰਾਂ ਵੱਲੋਂ ਸਿੱਖੀ ਨੂੰ ਇੱਕੋ-ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਕੇ ਗੁਰੂ ਗ੍ਰੰਥ ਦਾ ਖਾਲਸਾ ਪੰਥ ਦੇ ਰੂਪ ਵਿੱਚ ਲਾਮਬੰਦ ਕਰਨ ਦਾ ਉਪਰਾਲਾ ਕੀਤਾ ਗਿਆ ਹੈ।

ਸੋ ਮਨਮਤ ਦੇ ਮਾਰੂ ਪ੍ਰਹਾਰ ਨੂੰ ਕਾਰਗਰ ਢੰਗ ਨਾਲ ਠੱਲ੍ਹਣ ਅਤੇ ਗੁਰਮਤ ਦੇ ਪ੍ਰਚਾਰ ਹਿਤ ਇਸ ਵਿਸ਼ਵ-ਪੱਧਰੀ ਪੰਥਕ ਲਹਿਰ ਨੂੰ ਸ਼ਕਤੀਸ਼ਾਲੀ ਰੂਪ ਵਿੱਚ ਉਭਾਰੇ ਜਾਣ ਦੀ ਲੋੜ ਹੈ ਤਾਂ ਜੁ ਸਿੱਖੀ-ਵਿਰੋਧੀ ਮਨਮਤੀ ਕਰਮਕਾਂਡੀ ਖ਼ਤਰਿਆਂ ਤੋ ਬਚਾ ਕੇ ਸਿੱਖੀ ਸਰੂਪ ਅਤੇ ਸਿੱਖੀ ਸਿਧਾਂਤ ਨੂੰ ਕਾਲਕਾ ਪੰਥ ਵਿੱਚ ਅਭੇਦ ਹੋਣੋਂ ਬਚਾਇਆ ਜਾ ਸਕੇ । ਏਸ ਮੰਤਵ ਲਈ ਹੇਠਾਂ ਦਿੱਤੇ ਗਏ ਏਜੰਡੇ ਨੂੰ ਫ਼ੌਰੀ ਤੌਰ 'ਤੇ ਅਪਣਾਏ ਜਾਣ ਦੀ ਲੋੜ ਹੈ।

ਏਜੰਡਾ :
• ਗੁਰੂ ਗੋਬਿੰਦ ਸਿੰਘ ਜੀ ਨੇ ੧੭੦੮ ਵਿੱਚ ਹਜ਼ੂਰ ਸਾਹਿਬ ਵਿਖੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ 'ਤੇ ਸਥਾਪਤ ਕਰ ਕੇ ਖਾਲਸਾ ਪੰਥ ਨੂੰ ਇੱਕੋ ਇੱਕ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ ਸੀ । ਇਸ ਲਈ ਕੇਵਲ ਗੁਰੂ ਗ੍ਰੰਥ ਦਾ ਸਿੱਖ ਹੀ ਖ਼ਾਲਸਾ ਪੰਥ ਹੋ ਸਕਦਾ ਹੈ। ਏਸ ਸੰਕਲਪ ਪ੍ਰਤੀ ਵਚਨਬੱਧ ਹੋ ਕੇ ਏਸ ਵਿਚਾਰ ਨੂੰ ਕੌਮ ਨੂੰ ਦ੍ਰਿੜ੍ਹ ਕਰਾਉਨਾ ।

• ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਸਾਡਾ ਗੁਰੂ ਹੈ। ਇਸ ਲਈ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੀ ਗੁਰਬਾਣੀ ਹੈ ਅਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਬਦ ਹੀ ਸ਼ਬਦ ਗੁਰੂ ਹੈ, ਹੋਰ ਕੋਈ ਸ਼ਬਦ ਗੁਰੂ ਨਹੀਂ ਮੰਨਣਾ।

• ਵਰਤਮਾਨ ਪ੍ਰਮਾਣਿਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ < ਤੋਂ ਮੁੰਦਾਵਣੀ ਤੱਕ ਸੰਪੂਰਨ ਮੰਨਣਾ ਅਤੇ ਕਿਸੇ ਤਰ੍ਹਾਂ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਮਾਣਿਕਤਾ 'ਤੇ ਕੋਈ ਕਿੰਤੂ-ਪ੍ਰੰਤੂ ਨਹੀਂ ਕਰਨਾ।

• ਖਾਲਸਾ ਪੰਥ ਦੇ ਧਰਮ ਅਸਥਾਨਾਂ 'ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੀ ਪ੍ਰਕਾਸ਼ ਹੋਵੇਗਾ। ਹੋਰ ਕਿਸੇ ਗ੍ਰੰਥ, ਪੋਥੀ, ਮੂਰਤੀ ਜਾਂ ਵਿਅਕਤੀ ਦਾ ਆਸਣ ਨਹੀ ਲੱਗ ਸਕਦਾ। ਏਸ ਮੰਤਵ ਲਈ ਯਤਨਸ਼ੀਲ ਰਹਿਣਾ ਅਤੇ ਏਸ ਸਬੰਧੀ ਸੰਗਤਾਂ ਨੂੰ ਸੁਚੇਤ ਕਰਨ ਦੇ ਉਪਰਾਲੇ ਕਰਨਾ।

• ਪੰਥਕ ਅਸਥਾਨਾਂ 'ਤੇ ਕੀਰਤਨ-ਕਥਾ ਕੇਵਲ ਗੁਰਬਾਣੀ ਦੀ ਹੀ ਹੋ ਸਕਦੀ ਹੈ ਜਾਂ ਭਾਈ ਗੁਰਦਾਸ, ਭਾਈ ਨੰਦ ਲਾਲ ਅਤੇ ਇਤਹਾਸਕ ਪੁਸਤਕਾਂ ਵਿੱਚੋਂ ਗੁਰਮਤਿ ਦ੍ਰਿੜ੍ਹਾਉਂਦੀ ਰਚਨਾ ਦਾ ਪ੍ਰਮਾਣ ਦਿੱਤਾ ਜਾ ਸਕਦਾ ਹੈ। ਗੁਰਬਾਣੀ ਦੀਆਂ ਤੁਕਾਂ ਵਿਗਾੜ ਕੇ ਬਣਾਈਆਂ ਧਾਰਨਾਵਾਂ ਨਹੀਂ ਪੜ੍ਹੀਆਂ ਜਾ ਸਕਦੀਆਂ।

• ਪਟਨਾ ਅਤੇ ਹਜ਼ੂਰ ਸਾਹਿਬ ਸਮੇਤ ਕੁਝ ਅਸਥਾਨਾਂ ਤੇ ਬਚਿੱਤਰ ਨਾਟਕ (ਅਖ਼ੌਤੀ ਦਸਮ ਗ੍ਰੰਥ) ਦਾ ਗੁਰੂ ਗ੍ਰੰਥ ਦੇ ਬਰਾਬਰ ਪ੍ਰਕਾਸ਼ ਕਰ ਕੇ ਅਤੇ ਇਸ ਦੀਆਂ ਰਚਨਾਵਾਂ ਨੂੰ ਗੁਰਬਾਣੀ ਦੀ ਤੁਲਨਾ ਦੇ ਕੇ ਕੀਤੀ ਜਾ ਰਹੀ ਗੁਰੂ ਦੀ ਬੇਅਦਬੀ ਨੂੰ ਰੋਕਣ ਲਈ ਖਾਲਸਾ ਪੰਥ ਨੂੰ ਜਾਗ੍ਰਿਤ ਕਰਨਾ।

• ਖ਼ਾਲਸੇ ਨੂੰ ਗੁਰਮਤੀ ਵਿਦਵਾਨਾਂ ਵੱਲੋਂ ਮਿਲ-ਬੈਠ ਕੇ, ਪੰਥਕ ਜੁਗਤ ਨਾਲ ਸਿਰਜੀ ਰਹਿਤ ਮਰਿਯਾਦਾ ਵਿੱਚ ਪਰੋ ਕੇ ਰੱਖਣ ਲਈ ਸਮੇਂ-ਸਮੇਂ ਉਲੀਕੇ ਪ੍ਰੋਗਰਾਮਾਂ ਵਿੱਚ ਸਹਿਯੋਗ ਦੇਣਾ ਅਤੇ ਸਿਆਸੀ ਹੱਥਕੰਡਿਆਂ ਰਾਹੀਂ ਤਖ਼ਤਾਂ ਦੀ ਹੋ ਰਹੀ ਦੁਰਵਰਤੋਂ ਰੋਕ ਕੇ ਤਖ਼ਤਾਂ ਨੂੰ ਸਿੱਖ ਬੁਰਕੇ ਹੇਠ ਸਿੱਖ ਦੁਸ਼ਮਣ ਤਾਕਤਾਂ ਤੋਂ ਅਤੇ ਪਰਿਵਾਰਕ ਸਿਆਸਤ ਤੋਂ ਮੁਕਤ ਕਰਵਾਉਣ ਲਈ ਹੰਭਲਾ ਮਾਰਨਾ ਤਾਂ ਜੁ ਏਥੋਂ ਗੁਰੂ-ਆਸ਼ੇ ਅਨੁਸਾਰ ਸਿੱਖਾਂ ਅਤੇ ਸਰਬੱਤ ਦੇ ਸਿਆਸੀ, ਸਮਾਜਕ, ਧਾਰਮਕ ਅਤੇ ਆਰਥਕ ਮਸਲਿਆਂ ਨੂੰ ਸੰਬੋਧਤ ਹੋਇਆ ਜਾ ਸਕੇ।

• ਮਨੁੱਖਤਾ ਨੂੰ ਕਰਮ-ਕਾਂਡੀ ਮਨਮਤਿ ਦੇ ਪ੍ਰਹਾਰ ਤੋਂ ਬਚਾਉਣ ਲਈ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਜੀਵਨ ਦਾ ਆਧਾਰ ਬਣਾ ਕੇ ਖੰਡੇ ਬਾਟੇ ਦੇ ਅੰਮ੍ਰਿਤ ਲਈ ਜਾਗ੍ਰਿਤ ਕਰਨਾ।

ਅਬ ਮਨ ਜਾਗਤ ਰਹੁ ਰੇ ਭਾਈ ॥
ਗਾਫਲੁ ਹੋਇ ਕੈ ਜਨਮੁ ਗਵਾਇਓ ਚੋਰੁ ਮੁਸੈ ਘਰੁ ਜਾਈ ॥੧॥ ਰਹਾਉ ॥
ਪੰਚ ਪਹਰੂਆ ਦਰ ਮਹਿ ਰਹਤੇ ਤਿਨ ਕਾ ਨਹੀ ਪਤੀਆਰਾ ॥
ਚੇਤਿ ਸੁਚੇਤ ਚਿਤ ਹੋਇ ਰਹੁ ਤਉ ਲੈ ਪਰਗਾਸੁ ਉਜਾਰਾ ॥੨॥ (ਗਉੜੀ ਕਬੀਰ ਜੀ, ਪੰਨਾ ੩੩੯)
ਨੋਟ:
੧. ਕੇਵਲ ਏਜੰਡੇ ਬਾਰੇ ਹੀ ਸੁਝਾਅ ਦਿੱਤੇ ਜਾਣ ਜੀ ।

ਪੰਥ ਦੇ ਦਾਸ:

ਪ੍ਰੋ. ਦਰਸ਼ਨ ਸਿੰਘ, ਗੁਰਤੇਜ ਸਿੰਘ, ਇੰਦਰਜੀਤ ਸਿੰਘ(ਰਾਨਾ), ਗੁਰਚਰਨ ਸਿੰਘ, ਰਾਜਿੰਦਰ ਸਿੰਘ

No comments:

Post a Comment