Sunday, 24 July 2011

Panth nu Sadda

ਗੁਰੂ ਗ੍ਰੰਥ ਦੇ ਪੰਥ ਨੂੰ ਇੱਕ ਸੱਦਾ
ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਵਾਲਿਓ, ਆਓ ਉਠੋ ਜਾਗੋ, ਇਹਨਾਂ ਝੂਠੀ ਰਾਜਨੀਤੀ ਦੇ ਕੁਫਰ ਹਦਾਇਤ ਨਾਮਿਆਂ ਦੇ ਭੈ ਜਾਲ ਤੋਂ ਬਾਹਰ ਆਵੋ, ਛੱਡ ਦਿਓ ਇਹਨਾਂ ਕਾਲਕਾ ਪੰਥੀਆਂ ਨੂੰ, ਛੱਡ ਦਿਓ ਗੋਲਕ ਦਾ ਪੱਲਾ, ਫੜ ਲਓ ਗੁਰੂ ਦਾ ਪੱਲਾ, ਗੁਰੂ ਤੁਹਾਡੇ ਅੰਗ ਸੰਗ ਹੋਵੇਗਾ ਗੁਰੂ ਦੀਆਂ ਖੁਸ਼ੀਆਂ ਮਾਣੋਗੇ।

ਹੁਣ ਕਾਲਕਾ ਪੰਥ,  ਆਰ.ਐਸ.ਐਸ ਦੇ ਇਸ਼ਾਰੇ ਤੇ ਗੁਰਦੁਆਰਿਆਂ ਵਿਚ ਗੁਰਬਾਣੀ ਗੁਰਮਤਿ ਦਾ ਪ੍ਰਵਾਹ ਰੋਕਣਾ ਚਾਹੁੰਦਾ ਹੈ, ਇਸੇ ਲਈ ਪਹਿਲੇ ਭੀ ਹਰ ਇਕ ਗੁਰਮਤਿ ਸਿਧਾਂਤ ਦੇ ਪ੍ਰਚਾਰ ਰਾਹੀ ਇਕੋ ਇਕ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਨ ਵਾਲੇ ਪ੍ਰਚਾਰਕਾਂ ਨੂੰ ਹੀ ਛੇਕਿਆ ਗਿਆ ਹੈ ਅਤੇ ਹੁਣ ਭੀ ਗਿਆਨੀ ਜਗਤਾਰ ਸਿੰਘ ਜਾਚਕ ਨੂੰ ਛੇਕ ਦੇਣ ਦੀ ਧਮਕੀ ਦਿਤੀ ਜਾ ਰਹੀ ਹੈ ਤਾਂ ਕੇ ਗੁਰਮਤਿ ਪ੍ਰਚਾਰ ਦੀ ਅਵਾਜ਼ ਬੰਦ ਕੀਤੀ ਜਾ ਸੱਕੇ ਗੁਰੂ ਗ੍ਰੰਥ ਦੇ ਖਾਲਸਾ ਪੰਥ ਨੂੰ ਸੰਜੀਦਗੀ ਨਾਲ ਸੋਚਣਾ ਪਵੇਗਾ। ਖਾਲਸਾ ਪੰਥ ਇਨ੍ਹਾਂ ਦੇ ਹਰਬਿਆਂ ਤੋਂ ਡਰਦਾ ਨਹੀਂ, ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿਚੋਂ ਮਿਲੀ ਹਲੀਮੀ ਅਤੇ ਗੁਰਮਤਿ ਬੁਧ ਕਾਰਨ ਬਚਣਾ ਜਰੂਰ ਚਾਹੁੰਦਾ ਹੈ।

ਕਾਲਕਾ ਪੰਥ ਵਲੋਂ ਇਨ੍ਹਾਂ ਆਪ ਹੁਦਰੀਆਂ ਨਾਲ ਸਮੁੱਚੇ ਪੰਥ ਨੂੰ ਆਪਣਾ ਜਰਗਮਾਲ ਬਣਾਕੇ ਰੱਖਣ ਦੀ ਸਿਆਸੀ ਸੋਚ ਕਾਰਨ ਹੀ ਕੁੱਝ ਸਮੇਂ ਤੋਂ ਜਾਗਰੂਕ ਖਾਲਸਾ ਵਲੋਂ ਵੱਖ ਵੱਖ ਦੇਸ਼ਾਂ ਅਤੇ ਸਟੇਟਾਂ ਵਿੱਚ ਵੱਖ ਵੱਖ ਸ਼੍ਰੋਮਣੀ ਗੁਰਦੁਆਰਾ ਕਮੇਟੀਆਂ ਬਣੀਆਂ ਅਤੇ ਬਣ ਰਹੀਆਂ ਹਨ ਤਾਂਕਿ ਇਸ ਝੂਠੀ ਸਿਆਸਤ ਦੀ ਅਮਰ ਵੇਲ ਹੇਠੋਂ ਨਿਕਲ ਕੇ ਗੁਰਦੁਆਰਾ ਪ੍ਰਬੰਧ ਵਿਚ ਧਰਮ ਸਿਧਾਂਤ ਜੀਵਤ ਰਹਿ ਸੱਕੇ।

ਇਸੇ ਰੋਸ਼ਨੀ ਵਿਚ ਖਾਲਸਾ ਪੰਥ ਵਲੋਂ ਇਹ ਫੈਸਲਾ ਕੀਤਾ ਗਿਆ ਹੈ ਕੇ ਜਿਹੜੇ ਗੁਰਦੁਆਰਾ ਪ੍ਰਬੰਧਕ ਸਹਿਯੋਗ ਦੇਣ ਠੀਕ ਹੈ ਨਹੀ ਤਾਂ ਗੁਰਦੁਆਰਿਆਂ ਦੀਆਂ ਵੱਡੀਆਂ ਵੱਡੀਆਂ ਇਮਾਰਤਾਂ, ਵੱਡੀਆਂ ਅਰਬਾਂ ਦੀਆਂ ਗੋਲਕਾਂ, ਪੰਥ ਦਾ ਸਰਮਾਇਆ ਨਹੀਂ। ਇਸ ਨੇ ਤਾਂ ਸਾਡਾ ਸਿਧਾਂਤਕ ਨੁਕਸਾਨ ਹੀ ਕੀਤਾ ਹੈ। ਖਾਲਸੇ ਦਾ ਸਰਮਾਇਆ ਹੈ ਗੁਰੂ ਸਿਧਾਂਤ, ਜਿਸਨੇ ਕੱਚੇ ਗੁਰਦੁਆਰਿਆਂ ਵਿਚੋਂ ਜਨਮ ਲੈਕੇ ਪੱਕੇ ਸਿੱਖ ਪੈਦਾ ਕੀਤੇ ਸਨ। ਹੁਣ ਭੀ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਦਬ ਅਤੇ ਗੁਰਬਾਣੀ ਸਿਧਾਂਤ ਦੀ ਸੰਭਾਲ ਲਈ ਛੋਟੀਆਂ ਛੋਟੀਆਂ ਸੰਸਥਾਵਾਂ ਬਣਾਕੇ, ਭਾਵੇਂ ਮੁਢਲੇ ਰੂਪ ਵਿੱਚ ਕਿਰਾਏ ਤੇ ਹਾਲ ਲੈਕੇ ਜਾਂ ਘਰਾਂ ਵਿਚ ਹਫਤਾਵਾਰੀ ਸਤਸੰਗ ਸ਼ੁਰੂ ਕਰੀਏ, ਪਰ ਉਸ ਸੰਸਥਾ ਦਾ ਹਰ ਮੈਂਬਰ ਇਹ ਪ੍ਰਣ ਪੱਤਰ ਭਰੇ, ਕਿ ਮੇਰਾ ਗੁਰੂ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ, ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਅਗਵਾਈ ਨੂੰ ਹੀ ਜੀਵਨ ਦਾ ਆਧਾਰ ਮਨਾਂਗਾ ਅਤੇ ਹੋਰ ਕਿਸੇ ਗ੍ਰੰਥ ਮੂਰਤੀ ਜਾਂ ਦੇਹਧਾਰੀ ਗੁਰੂ ਡੰਮ ਨੂੰ ਮਾਨਤਾ ਨਹੀਂ ਦੇਵਾਂਗਾ। ਉਸ ਸੰਸਥਾ ਦੇ ਅਸਥਾਨ ਮਨਮਤੀ ਕਰਮ ਕਾਂਡ ਦੇ ਪ੍ਰਹਾਰ ਅਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਪ੍ਰਚਾਰ ਪ੍ਰਸਾਰ ਦਾ ਕੇਂਦਰ ਬਨਣਗੇ।

ਸ੍ਰੀ ਅਕਾਲ ਤਖਤ ਸੱਚੇ ਨਿਅਓਂ ਦਾ ਪ੍ਰਤੀਕ ਹੈ, ਸਾਡਾ ਸਭ ਦਾ ਸਿਰ ਝੁਕਦਾ ਹੈ, ਪਰ ਸ੍ਰੀ ਅਕਾਲ ਤਖਤ ਤੇ ਕਾਬਜ਼ ਬੈਠੇ ਸਿਅਸੀ ਗੁਲਾਮ ਜੱਥੇਦਾਰਾਂ ਦੇ ਕਿਸੇ ਸਿਆਸੀ ਪ੍ਰਭਾਵ ਹੇਠ ਦਿਤੇ ਕੁਫਰ ਆਦੇਸ਼ ਨੂੰ ਅਸੀਂ ਕਦੀ ਨਹੀਂ ਮੰਨ ਸਕਦੇ। ਨਹੀਂ ਤਾਂ ਇਹ ਕਾਲਕਾ ਪੰਥੀਏ ਮਹਾਕਾਲ ਕਾਲਕਾ ਗ੍ਰੰਥ ਵਰਗੇ ਅਨੇਕਾਂ ਗ੍ਰੰਥ ਪੋਥੀਆਂ ਦੇ ਜਾਲ ਵਿੱਚ ਉਲਝਾ ਕੇ ਸਿੱਖੀ ਦੇ ਗੁਰਮਤਿ ਸਿਧਾਂਤ ਨੂੰ ਤਹਿਸ ਨਹਿਸ ਕਰ ਦੇਣਗੇ, ਇਓਂ ਸਿੱਖੀ ਜੀਵਨ ਬਰਬਾਦ ਹੋ ਜਾਵੇਗਾ।ਗੁਰਮਤਿ ਕਹਿਂਦੀ ਹੈ ਜੇਹੜਾ ਗੁਰਬਾਣੀ ਨਾਲ ਜੁੜ ਕੇ ਗੁਰਮਤਿ ਸਿਧਾਂਤ ਦੀ ਪਾਲਣਾ ਕਰਦਾ ਹੈ ਉਹ ਸਿਖ ਹੈ,ਅਤੇ ਜੇਹੜਾ ਗੁਰੂ ਨੂੰ ਛੱਡ ਕੇ ਬੰਦੇ ਦੀ ਗੁਲਾਮੀ ਕਰਦਾ ਹੈ ਉਹ ਮਨਮੁਖ ਹੈ "ਸਤਿਗੁਰ ਸਾਹਿਬ ਛੱਡ ਕੇ ਮਨਮੁਖ ਹੋਇ ਬੰਦੇ ਦਾ ਬੰਦਾ"
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੂਰਣ ਗੁਰੂ ਨਾ ਮੱਨਣ ਵਾਲੇ ਦੋ ਸਿਆਸੀ ਗੁਲਾਮ ਮਨੁਖ ਕਹਿ ਦੇਣ ਕੇ ਤੁੰ ਬੇਸ਼ਕ ਅਕਾਲ ਤਖਤ ਤੇ ਹਾਜ਼ਰ ਹੋਇਆਂ ਹੈਂ ਪਰ ਸਾਡੇ ਬੰਦ ਕਮਰੇ ਵਿਚ ਆ ਕੇ ਸਾਡੇ ਅੱਗੇ ਨਹੀਂ ਝੁਕਿਆ ਇਸ ਲਈ ਤੇਰੇ ਕੋਲੋਂ ਅਸੀ ਸਿਖੀ ਦੇ ਹੱਕ ਖੋਹ ਲਏ ਹਨ ਅੱਜ ਤੋਂ ਤੂੰ ਸਿਖ ਨਹੀ ਰਿਹਾ,ਅੱਜ ਹਰ ਸਿਖ ਅਖਵਾਣ ਵਾਲਾ ਇਕ ਕਿਰਦਾਰ ਹੀਨ ਜੱਥੇਦਾਰ ਦਾ ਗੁਲਾਮ ਹੋ ਗਿਆ ਹੈ ? ਸਿਖ ਗੁਰੂ ਦਾ ਨਹੀਂ ਬਲਕੇ ਇਕ ਸਿਆਸੀ ਲਫਾਫੇ ਵਿਚੋਂ ਨਿਕਲੇ ਮਨੁਖ ਦੀ ਮਰਜ਼ੀ ਤੇ ਹੈ ? ਉਹ ਜਦੋਂ ਮਰਜੀ ਉਸਨੂੰ ਤਲਬ ਕਰ ਸਕਦਾ ਹੈ ਜਾਂ ਛੇਕ ਸਕਦਾ ਹੈ ? ਤਾਂ ਫਿਰ ਸਿਖੀ ਇਕ ਗੁਲਾਮਾਂ ਦਾ ਧਰਮ ਹੋ ਗਿਆ ,ਇਸ ਤੋਂ ਵੱਡੀ ਸਾਡੀ ਜਹਾਲਤ ਜਾਂ ਗੁਰੂ ਤੋਂ ਬੇਮੁਖਤਾ ਹੋਰ ਕੀ ਹੋ ਸਕਦੀ ਹੈ,।
ਇਸ ਦਾ ਮਤਲਬ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਿਖ ਨਹੀਂ ਹਾਂ ਅਸੀਂ ਸਿਖੀ ਤਾਂ ਏਹਨਾ ਬੇਮੁਖ ਲੋਕਾਂ ਅਗੇ ਗਹਿਨੇ ਪਾ ਦਿਤੀ ਹੈ । ਗੁਰੂ ਦਾ ਵਿਸ਼ਵਾਸ਼ੀ ਸਿਖ ਹਮੇਸ਼ਾਂ ਗੁਰੂ ਦਾ ਹੈ ਗੁਰੂ ਅੱਗੇ ਹੀ ਝੁਕੇ ਗਾ ਕਿਸੇ ਗੁਲਾਮ ਨੂੰ ਗੁਰੂ ਮੱਨ ਕੇ ਨਹੀਂ ਝੁਕ ਸਕਦਾ।ਸਿਖ ਦੀ ਸਿਖੀ ਬ੍ਰਾਹਮਨ ਦੇ ਜਨੇਊ ਵਾਂਗ ਕੱਚਾ ਧਾਗਾ ਨਹੀ ਕੇ ਕਿਸੇ ਕਾਫਰ ਦੇ ਇਕ ਕੁਫਰ ਨਾਮੇ ਨਾਲ ਟੁਟ ਜਾਂਦੀ ਹੈ।

ਹੋਇ ਪੁਰਾਣਾ ਸੁਟੀਐ ਭੀ ਫਿਰਿ ਪਾਈਐ ਹੋਰੁ ॥ ਨਾਨਕ ਤਗੁ ਨ ਤੁਟਈ ਜੇ ਤਗਿ ਹੋਵੈ ਜੋਰੁ ॥੨॥


ਇਨ੍ਹਾਂ ਦੇ ਭਰਮ ਜਾਲ ਵਿਚੋਂ ਨਿਕਲਣ ਲਈ ਗੁਰੂ ਵਾਕ "ਨਿਕਸ ਰੇ ਪੰਖੀ ਸਿਮਰ ਹਰ ਪਾਂਖ" ਅਨੁਸਾਰ ਗੁਰੂ ਅਦਬ ਦੀ ਇਕੋ ਇਕ ਸੋਚ ਹੇਠ ਇੱਕਤਰ ਹੋਵੋ। ਆਪਣੇ ਅਸਥਾਨਾਂ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪ੍ਰਚਾਰ ਪ੍ਰਸਾਰ ਕਰੋ, ਕਰਮ ਕਾਂਡੀ ਮਨਮਤ ਦਾ ਪ੍ਰਹਾਰ ਕਰੋ।

ਇਹ ਗੁਰੂ ਗ੍ਰੰਥ ਦਾ ਖ਼ਾਲਸਾ ਪੰਥ (ਇੰਟਰਨੈਸ਼ਨਲ ਮੂਵਮੈਂਟ) ਇਕ ਕੇਂਦਰੀ ਤਾਲ ਮੇਲ ਜੱਥੇਬੰਦੀ ਇਸ ਲਈ ਬਣਾਈ ਗਈ ਹੈ ਕਿਉਂਕੇ ਅਸੀਂ ਕਾਲਕਾ ਪੰਥ ਵਲੋਂ ਕਈ ਥਾਵਾਂ ਤੇ ਕੀਤੀ ਜਾਂਦੀ ਬੁਰਛਾ ਗਰਦੀ, ਹੁਲੜਬਾਜ਼ੀ ਨਹੀਂ ਚਾਹੁੰਦੇ, ਅਤੇ ਅਸੀ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਵਿਅਕਤੀ ਜਾਂ  ਸੰਸਥਾਵਾਂ ਨੂੰ  ਇਕੱਤਰ ਕਰਕੇ ਸ਼ਾਂਤੀ ਨਾਲ ਗੁਰਬਾਣੀ ਗੁਰਮਤਿ ਦਾ ਸਹਿਜ ਅਨੰਦ ਮਾਨਣਾ ਚਾਹੁਂਦੇ ਹਾਂ।

ਸਿੰਘੋ!!! ਗੁਰੂ ਗ੍ਰੰਥ ਦਾ ਖ਼ਾਲਸਾ ਪੰਥ (ਇੰਟਰਨੈਸ਼ਨਲ ਮੂਵਮੈਂਟ) ਰੂਪੀ ਕੇਂਦਰੀ ਤਾਲਮੇਲ ਜੱਥੇਬੰਦੀ ਰਾਹੀਂ ਆਪਸ ਵਿੱਚ ਜੁੜ ਕੇ, ਬਾਹਵਾਂ ਵਿਚ ਬਾਹਾਂ ਪਾਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਅਤੇ ਸਿਧਾਂਤ ਦੀ ਰਾਖੀ ਲਈ ਜੱਥੇਬੰਦ ਅਤੇ ਲਾਮਬੰਦ ਹੋ ਜਾਵੋ ਜੀ, ਅਤੇ ਕਿਸੇ ਔਕੜ ਸਮੇਂ ਇੱਕ ਦੂਜੇ ਦੀ ਮਦਦ ਕਰੋ ਜੀ।

ਬੇਨਤੀ ਕਰਤਾ ---ਗੁਰੂ ਗ੍ਰੰਥ ਦੇ ਖਾਲਸਾ ਪੰਥ ਦਾ ਦਾਸ—ਦਰਸ਼ਨ ਸਿੰਘ ਖਾਲਸਾ

No comments:

Post a Comment